ਪੰਜਾਬ – ਲਾਲਾ ਧਨੀਰਾਮ ਚਾਤ੍ਰਿਕ | PUNJAB – Lala DhaniRam Chatrik – Punjabi Poem

Punjabi Poem ‘PUNJAB’ |’ਪੰਜਾਬ’ is written by Punjabi poet Lala DhaniRam Chatrik.

ਪੰਜਾਬ


1. ਬਣਤਰ

ਪੰਜਾਬ ! ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ,
ਜਲ-ਪੌਣ ਤੇਰਾ, ਹਰਿਔਲ ਤੇਰੀ, ਦਰਯਾ, ਪਰਬਤ, ਮੈਦਾਨ ਤੇਰੇ ।

ਭਾਰਤ ਦੇ ਸਿਰ ਤੇ ਛਤ੍ਰ ਤੇਰਾ, ਤੇਰੇ ਸਿਰ ਛੱਤਰ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜਵਾਲਾ ਦਾ ।

ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,
ਪਿਛਵਾੜੇ ਬੰਦ ਚਿਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ।

ਅਰਸ਼ੀ ਬਰਕਤ ਰੂੰ ਵਾਂਗ ਉੱਤਰ, ਚਾਂਦੀ ਢੇਰ ਲਗਾਂਦੀ ਹੈ,
ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ।

2. ਬਰਕਤਾਂ

ਸਿਰ ਸਾਇਬਾਨ ਹੈ ਅੰਬਾਂ ਦਾ, ਮਸਲੰਦ ਮਖਮਲੀ ਘਾਵਾਂ ਦੀ,
ਚੱਪੇ ਚੱਪੇ ਤੇ ਫੈਲ ਰਹੀ, ਦੌਲਤ ਤੇਰਿਆਂ ਦਰਯਾਵਾਂ ਦੀ ।

ਘਰ ਤੇਰੇ ਗਊਆਂ ਮਹੀਆਂ ਨੇ, ਦੁਧ ਘਿਉ ਦੀ ਲਹਿਰ ਲਗਾਈ ਹੈ,
ਬਾਹਰ ਬਲਦਾਂ ਦੀਆਂ ਜੋਗਾਂ ਨੇ, ਖਲਕਤ ਦੀ ਅੱਗ ਬੁਝਾਈ ਹੈ ।

ਰੌਣਕ ਤੇਰੀ ਦੀਆਂ ਰਿਸ਼ਮਾਂ ਨੇ, ਜ਼ੱਰਾ ਜ਼ੱਰਾ ਚਮਕਾਇਆ ਹੈ,
ਯੂਰਪ ਅਮਰੀਕਾ ਭੁੱਲ ਗਿਆ, ਜਿਨ ਤੇਰਾ ਦਰਸ਼ਨ ਪਾਇਆ ਹੈ ।

ਸ਼ਿਮਲਾ, ਡਲਹੌਜੀ, ਮਰੀ ਤਿਰੇ, ਕਸ਼ਮੀਰ ਤਿਰਾ, ਗੁਲਮਰਗ ਤਿਰਾ,
ਦਿਲੀ ਤੇਰੀ, ਲਾਹੌਰ ਤਿਰਾ, ਅੰਮ੍ਰਿਤਸਰ ਸੋਹੇ ਸਵਰਗ ਤਿਰਾ ।

3. ਸਖਾਵਤ

ਕਿਸ ਦਿਲ ਵਿਚ ਤੂੰ ਆਬਾਦ ਨਹੀਂ, ਕਿਸ ਰਣ ਵਿਚ ਨਹੀਂ ਨਿਸ਼ਾਨ ਤਿਰਾ ?
ਕਿਸ ਮੂੰਹ ਵਿਚ ਤਿਰਾ ਅੰਨ ਨਹੀਂ, ਕਿਸ ਸਿਰ ਤੇ ਨਹੀਂ ਅਹਿਸਾਨ ਤਿਰਾ ?

ਕਿਸ ਕਿਸ ਦੀ ਰਾਲ ਨਾ ਟਪਕੀ ਹੈ, ਸ਼ੌਕਤ ਤੇ ਰਹਿਮਤ ਤੇਰੀ ਤੇ ?
ਲੱਖਾਂ ਮਖੀਰ ਪਏ ਪਲਦੇ ਨੇ, ਤੇਰਿਆਂ ਫੁੱਲਾਂ ਦੀ ਢੇਰੀ ਤੇ ।

ਤੂੰ ਤਖਤ ਤਾਊਸ ਕਰੋੜਾਂ ਦਾ, ਸਿਰ ਦਾ ਸਦਕਾ ਮਣਸਾ ਦਿੱਤਾ ।
‘ਕੋਹ-ਨੂਰ’ ਤਲੀ ਤੇ ਧਰਕੇ ਤੂੰ, ਦਿਲ ਆਪਣਾ ਚੀਰ ਵਿਖਾ ਦਿੱਤਾ ।

ਹਰ ਮੁਸ਼ਕਲ ਵੇਲੇ ਤੇਰੇ ਤੇ ਉਠਦੀ ਹੈ ਨਿਗਾਹ ਜ਼ਮਾਨੇ ਦੀ,
ਸਿਰ ਝੂਮ ਰਿਹਾ ਹੈ ਮਸਤੀ ਦਾ, ਪੀ ਪੀ ਤੇਰੇ ਮੈਖਾਨੇ ਦੀ ।

4. ਇਤਿਹਾਸਕ ਸ਼ਾਨ

ਤੇਰੀ ਤਹਿਜ਼ੀਬ ਕਦੀਮੀ ਹੈ, ਇਕਬਾਲ ਤਿਰਾ ਲਾਸਾਨੀ ਹੈ ।
‘ਤਕਸਿਲਾ’ ਤਿਰੇ ਇਤਿਹਾਸਾਂ ਦੀ ਇਕ ਧੁੰਦਲੀ ਜਿਹੀ ਨਿਸ਼ਾਨੀ ਹੈ ।

ਕੁਦਰਤ ਪੰਘੂੜਾ ਘੜਿਆ ਸੀ ਤੈਨੂੰ, ਰਿਸ਼ੀਆਂ ਅਵਤਾਰਾਂ ਦਾ ।
ਸੂਫ਼ੀਆਂ, ਸ਼ਹੀਦਾਂ, ਭਗਤਾਂ ਦਾ, ਬਲਬੀਰਾਂ, ਸਤੀਆਂ ਨਾਰਾਂ ਦਾ ।

ਸਚਿਆਈਓਂ ਸਦਕਾ ਲੈਣ ਲਈ, ਜਦ ਬੋਲਿਆ ਮਾਰੂ ਨਾਦ ਕੋਈ,
ਤਦ ਨਕਲ ਪਿਆ ਤਬਰੇਜ਼ ਕੋਈ, ਪੂਰਨ ਕੋਈ, ਪ੍ਰਹਿਲਾਦ ਕੋਈ ।

ਲਵ-ਕੁਸ਼ ਦੇ ਤੀਰ ਰਹੇ ਵਰ੍ਹਦੇ, ਮਹਾਭਾਰਤ ਦੇ ਘਮਸਾਨ ਰਹੇ,
ਗੁਰੂ ਅਰਜਨ ਤੇਗ ਬਹਾਦੁਰ ਜਹੇ ਤੇਰੇ ਤੋਂ ਦੇਂਦੇ ਜਾਨ ਰਹੇ ।

ਬਾਬਾ ਨਾਨਕ, ਬਾਬਾ ਫ਼ਰੀਦ, ਅਪਣੀ ਛਾਤੀ ਤੇ ਪਾਲੇ ਤੂੰ ,
ਦੁਨੀਆਂ ਨੂੰ ਚਾਨਣ ਦੇਣ ਲਈ, ਕਈ ਰੋਸ਼ਨ ਦੀਵੇ ਬਾਲੇ ਤੂੰ ।

5. ਸਾਹਸ (ਜਿਗਰਾ)

ਸਿਦਕਾਂ ਵਿਚ ਤੇਰੀ ਇਸ਼ਕ-ਲਹਿਰ ਕੀ ਕੀ ਤਾਰੀ ਤਰਦੀ ਨ ਰਹੀ ?
ਰਾਂਝਾ ਕੰਨ ਪੜਵਾਂਦਾ ਨ ਰਿਹਾ, ਸੋਹਣੀ ਡੁਬ ਡੁਬ ਮਰਦੀ ਨਾ ਰਹੀ ?

ਝੱਖੜ ਬੇਅੰਤ ਤੇਰੇ ਸਿਰ ਤੇ ਆ ਆ ਕੇ ਮਿਟ ਮਿਟ ਜਾਂਦੇ ਰਹੇ,
ਫ਼ਰਜ਼ੰਦ ਤਿਰੇ ਚੜ੍ਹ ਚੜ੍ਹ ਚਰਖੀਂ ਆਕਾਸ਼ ਤੇਰਾ ਚਮਕਾਂਦੇ ਰਹੇ ।

ਜਾਗੇ ਕਈ ਦੇਸ਼ ਜਗਾਣ ਲਈ, ਸੁੱਤੇ ਸੌਂ ਗਏ ਸੁਲਤਾਨ ਕਈ,
ਸਿਰ ਤਲੀ ਧਰੀ ਖੰਡਾ ਵਾਂਹਦੇ, ਹੀਰੇ ਹੋ ਗਏ ਕੁਰਬਾਨ ਕਈ ।

ਤੂੰ ਸੈਦ ਭੀ ਹੈਂ, ਸੱਯਾਦ ਭੀ ਹੈਂ, ਸ਼ੀਰੀਂ ਭੀ ਹੈਂ, ਫ਼ਰਿਹਾਦ ਭੀ ਹੈਂ,
ਢਲ ਜਾਣ ਲਈ ਤੂੰ ਮੋਮ ਭੀ ਹੈਂ ਪਰ ਲੋੜ ਪਿਆਂ ਫੌਲਾਦ ਭੀ ਹੈਂ ।

ਤੂੰ ਆਜ਼ਾਦੀ ਦਾ ਆਗੂ ਹੈਂ, ਤੂੰ ਕੁਰਬਾਨੀ ਦਾ ਬਾਨੀ ਹੈਂ ।
ਹਰ ਔਕੜ ਪਿਆਂ, ਭਰਾਵਾਂ ਦੀ, ਤੂੰਹੇਂ ਕਰਦਾ ਅਗ਼ਵਾਨੀ ਹੈਂ ।

6. ਸੁਭਾਉ

ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ ਨਾ ਗਰਮੀ ਹੈ ਨਾ ਪਾਲਾ ਹੈ,
ਨਾ ਬਾਹਰ ਕੋਈ ਦਿਖਲਾਵਾ ਹੈ, ਨਾ ਅੰਦਰ ਕਾਲਾ ਕਾਲਾ ਹੈ ।

ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ,
ਹਿੱਕਾਂ ਵਿਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ ਗਿੱਠ ਲਾਲੀ ਹੈ ।

ਕਿਆ ਚੂੜੇ ਬੀੜੇ ਫ਼ਬਦੇ ਨੇ, ਜੋਬਨ-ਮੱਤੀਆਂ ਮੁਟਿਆਰਾਂ ਦੇ,
ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉੱਠਣ ਘੁਮਕਾਰਾਂ ਦੇ ।

ਕੋਈ ਤੁੰਬਦੀ ਹੈ ਕੋਈ ਕਤਦੀ ਹੈ, ਕੋਈ ਪੀਂਹਦੀ ਹੈ ਕੋਈ ਛੜਦੀ ਹੈ,
ਕੋਈ ਸੀਉਂਦੀ ਕੋਈ ਪਰੋਂਦੀ ਹੈ, ਕੋਈ ਵੇਲਾਂ ਬੂਟੇ ਕਢਦੀ ਹੈ ।

ਪਿਪਲਾਂ ਦੀ ਛਾਵੇਂ ਪੀਂਘਾਂ ਨੂੰ ਕੁਦ ਕੁਦ ਮਸਤੀ ਚੜ੍ਹਦੀ ਹੈ,
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛਡਦੀ ਹੈ ਇਕ ਫੜਦੀ ਹੈ ।

ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ,
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ ।

ਵੰਝਲੀ ਵਹਿਣਾ ਵਿਚ ਰੁੜ੍ਹਦੀ ਹੈ, ਜਦ ਤੂੰਬਾ ਸਿਰ ਧੁਣਿਆਂਦਾ ਹੈ,
ਮਿਰਜ਼ਾ ਪਿਆ ਕੂਕਾਂ ਛਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ ।

ਖੂਹਾਂ ਤੇ ਟਿਚ ਟਿਚ ਹੁੰਦੀ ਹੈ, ਖੇਤਾਂ ਵਿਚ ਹਲ ਪਏ ਧਸਦੇ ਨੇ,
ਭੱਤੇ ਛਾਹ ਵੇਲੇ ਢੁਕਦੇ ਨੇ, ਹਾਲੀ ਤੱਕ ਤੱਕ ਕੇ ਹਸਦੇ ਨੇ ।

ਤੇਰੀ ਮਾਖਿਓਂ ਮਿੱਠੀ ਬੋਲੀ ਦੀ, ਜੀ ਕਰਦਿਆਂ ਸਿਫ਼ਤ ਨ ਰਜਦਾ ਹੈ,
ਉਰਦੂ ਹਿੰਦੀ ਦਿਆਂ ਸਾਜ਼ਾਂ ਵਿਚ, ਸੁਰ-ਤਾਲ ਤੇਰਾ ਹੀ ਵਜਦਾ ਹੈ ।

7. ਸੱਧਰ

ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ,
ਮਸਜਿਦ, ਮੰਦਰ, ਦਰਬਾਰ ਤਿਰਾ, ਮੀਆਂ, ਲਾਲਾ, ਸਰਦਾਰ ਤਿਰਾ ।

ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ,
ਤੇਰੀ ਮਿੱਟੀ ਦਾ ਕੁੱਲਾ ਭੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ।

ਤੇਰੇ ਜ਼ੱਰੇ ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵਸਦੀ ਹੈ,
ਤੇਰੀ ਗੋਦੀ ਵਿਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨਸਦੀ ਹੈ ।

ਦਰਗ਼ਾਹੀ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ,
ਪਰ ਤੇਰੇ ਬੂਹਿਓਂ ਹਿੱਲਣ ਨੂੰ, ‘ਚਾਤ੍ਰਿਕ’ ਦਾ ਜੀ ਨਹੀਂ ਕਰਦਾ ਹੈ ।

ਪੰਜਾਬ – ਲਾਲਾ ਧਨੀਰਾਮ ਚਾਤ੍ਰਿਕ | PUNJAB – Lala DhaniRam Chatrik – Punjabi Poem
  • Save
ਪੰਜਾਬ – ਲਾਲਾ ਧਨੀਰਾਮ ਚਾਤ੍ਰਿਕ | PUNJAB – Lala DhaniRam Chatrik – Punjabi Poem
  • Save

Leave a Comment

Copy link
Powered by Social Snap