ਮਜ਼ਦੂਰ ਦੀ ਦੇਸ਼-ਸੇਵਾ – ਸੰਤ ਰਾਮ ਉਦਾਸੀ | Majdoor Di Desh Sewa – Sant Ram Udasi

This Punjabi poem “ਮਜ਼ਦੂਰ ਦੀ ਦੇਸ਼-ਸੇਵਾ” is written by Punjabi Poet Sant Ram Udasi.

ਮਜ਼ਦੂਰ ਦੀ ਦੇਸ਼-ਸੇਵਾ - ਸੰਤ ਰਾਮ ਉਦਾਸੀ | Majdoor Di Desh Sewa - Sant Ram Udasi
  • Save

ਮਜ਼ਦੂਰ ਦੀ ਦੇਸ਼-ਸੇਵਾ

ਮੇਰੀ ਕਿਰਤ ਨੂੰ ਲੁੱਟਣ ਵਾਲੜਿਓ, ਕਿਉਂ ਪੀਵੋ ਰੱਤ ਬਹਾਰਾਂ ਦੀ ।
ਇਹ ਧਰਤੀ ਹੈ ਮਜ਼ਦੂਰਾਂ ਦੀ, ਇਹ ਨਹੀਂ ਸਰਮਾਏਦਾਰਾਂ ਦੀ ।

ਮੇਰੇ ਤੇਸੇ ਅਤੇ ਹਥੌੜੇ ਨੇ, ਲੱਖ ਮੰਦਰ ਮਹਿਲ ਉਸਾਰੇ ਹੋ ।
ਪਰ ਮੇਰੀ ਨੀਂਦ ਉਤਾਰਨ ਨੂੰ, ਕੱਖ ਕਾਨਿਆਂ ਦੇ ਹਨ ਢਾਰੇ ਹੋ ।

ਅੱਜ ਮੇਰੀ ਮਿਹਨਤ ਦਾ ਸਦਕਾ, ਕਾਰਾਂ ਤੇ ਕਾਰਾਂ ਆ ਗਈਆਂ ।
ਕਰ ਕਤਲ ਬਸੰਤ ਅਸਾਡੀ ਨੂੰ, ਕਈ ਮਸਤ ਬਹਾਰਾਂ ਆ ਗਈਆਂ ।

ਹੈ ਦੂਣਾ ਠਾਠ ਅਮੀਰਾਂ ਦਾ, ਵਧਿਆ ਚੌਣਾ ਸਰਮਾਇਆ ਏ ।
ਪਰ ਮੇਰੀ ਰੋਟੀ ਦਾ ਟੁਕੜਾ, ਹੁਣ ਖ਼ਤਮ ਹੋਣ ‘ਤੇ ਆਇਆ ਏ ।

ਜਦ ਵੀ ਉਪਰਾਲਾ ਕਰਕੇ ਮੈਂ, ਜ਼ੰਜੀਰ ਤੋੜਨੀ ਚਾਹੀ ਏ ।
ਟੁੱਟੀ ਨੂੰ ਟਾਂਕੇ ਲਾ ਲਾ ਕੇ, ਤਕਦੀਰ ਜੋੜਨੀ ਚਾਹੀ ਏ ।

ਧਰਮਾਂ ‘ਤੇ ਖ਼ਤਰਾ ਬਣ ਜਾਵੇ, ਕਾਨੂੰਨ ‘ਤੇ ਖ਼ਤਰਾ ਆ ਜਾਵੇ ।
ਮਜ਼ਹਬਾਂ ਦੇ ਠੇਕੇਦਾਰਾਂ ਦੇ, ਜਨੂੰਨ ‘ਤੇ ਖ਼ਤਰਾ ਆ ਜਾਵੇ ।

ਦੇ ਫ਼ਤਵਾ ਦੇਸ਼-ਧਰੋਹੀ ਦਾ, ਜੇਲ੍ਹਾਂ ਦੇ ਬੂਹੇ ਖੁੱਲ੍ਹ ਜਾਂਦੇ ।
ਅੰਨ੍ਹੇ ਹੋ ਵਿੱਚ ਤਸ਼ੱਦਦ ਦੇ, ਬੰਦੇ ਨੂੰ ਬੰਦਾ ਭੁੱਲ ਜਾਂਦੇ ।

ਹਰ ਸ਼ੈਅ ਵਿਚ ਜ਼ਹਿਰ ਮਲਾਉਂਦੇ ਨੇ ਤੇ ਬਣ ਬਹਿੰਦੇ ਨੇ ਲੱਖਪਤੀ ।
ਪਰ ਸਰਘੀ ਜੰਮਣੋਂ ਨਹੀਂ ਰਹਿੰਦੀ, ਜਦ ਧਰਤੀ ਹੋਵੇ ਗਰਭਵਤੀ ।

ਫਿਰ ਸੀਖਾਂ ਤੋੜ ਮਜੂਰ ਕਹੇ, ਇਹ ਸੱਭੇ ਕੁਝ ਹੀ ਮੇਰਾ ਏ ।
ਜਿਸ ਨੂੰ ਤੂੰ ਆਪਣਾ ਦੇਸ਼ ਕਹੇਂ, ਉਹ ਤੇਰਾ ਨਹੀਂ ਉਹ ਮੇਰਾ ਏ ।

ਇਹ ਫ਼ਸਲਾਂ ਬੰਨੇ ਸੱਪਾਂ ਨੇ, ਮੇਰੇ ਦਾਦੇ ਨੂੰ ਡੰਗਿਆ ਏ ।
ਮੇਰੇ ਵੀਰ ਦੇ ਭੁੱਖੇ ਢਿੱਡ ਵਿਚੋਂ, ਇਕ ਤਪਦਾ ਸਰੀਆ ਲੰਘਿਆ ਏ ।

ਔਹ ਚੱਕਰ ਖਾ ਕੇ ਡਿੱਗਿਆ ਏ ਤੇ ਕਰਦਾ ਗੰਦ ਜੋ ਸਾਫ਼ ਤੇਰਾ ।
ਨਹੀਂ ਤਾਕਤ ਪਾਉਂਦਾ ਵੈਦ ਕੋਈ, ਆਹ ! ਤੜਫ ਰਿਹਾ ਏ ਬਾਪ ਮੇਰਾ ।

ਇਸ ਕਾਰਖ਼ਾਨੇ ਦੇ ਬਾਲਣ ਵਿਚ, ਮੇਰੀ ਮਾਂ ਦਾ ਜਿਸਮ ਹੀ ਬਲਦਾ ਏ ।
ਤੇ ਜੋਬਨ ਮੇਰੀਆਂ ਭੈਣਾਂ ਦਾ, ਸੜਕਾਂ ਦੇ ਕਿਨਾਰੇ ਢਲਦਾ ਏ ।

ਮੇਰੀ ਪਤਨੀ ਦੇ ਵਾਲਾਂ ਦਾ, ਬਿਜਲੀ ਨੇ ਤਾਣਾ ਤਣਿਆ ਏ ।
ਮੇਰਾ ਹੀ ਮੁੜ੍ਹਕਾ ਚੋ ਚੋ ਕੇ, ਇਹ ਝੀਲ-ਭਾਖੜਾ ਬਣਿਆ ਏ ।

ਜੁ ਤੇਰੇ ਬਾਗ਼ੀਂ ਫੁੱਲ ਖਿੜੇ, ਮੇਰੀ ਬੱਚੀ ਦੀਆਂ ਮੁਸਕਾਨਾਂ ਨੇ ।
ਅਸੀਂ ਚੀਰ ਪਹਾੜਾਂ ਦੀ ਹਿੱਕੜੀ, ਵਿਚ ਭਰੀਆਂ ਆਪਣੀਆਂ ਜਾਨਾਂ ਨੇ ।

ਜਦ ਵਿਹਲ ਮਿਲੇ ਰੈਸਤੋਰਾਂ ‘ਚੋਂ, ਆ ਨਸ਼ਾ ਅਸਾਡੇ ‘ਤੇ ਤਾਰੇ ।
ਝੱਟ ਬੁੱਲ੍ਹਾਂ ਦੇ ਸਿਰਹਾਣੇ ਤੂੰ, ਜੀਪਾਂ ਦੇ ਹਾਰਨ ਆ ਮਾਰੇ ।

ਇਹ ਧਰਤੀ ਸਾਡੀ ਮਾਂ ਵਰਗੀ, ਨਾ ਇਸ ਨੂੰ ਕੁਝ ਵੀ ਭੁੱਲਿਆ ਏ ।
ਇਹ ਸਭੇ ਜਾਣਦੇ ਖੇਤਾਂ ਵਿਚ, ਹੈ ਕਿਸ ਦਾ ਖ਼ੂਨ ਜੁ ਡੁਲ੍ਹਿਆ ਏ ।

ਮੈਂ ਥੱਕ ਗਿਆ ਹਾਂ ਸੁਣ-ਸੁਣ ਕੇ, ਅੱਜ ਕਹਿਣ ਦੀ ਹਿੰਮਤ ਕਰਦਾ ਹਾਂ ।
ਲਹਿਰਾ ਝੰਡਾ ਸੰਗਰਾਮਾਂ ਦਾ, ਅੱਜ ਫੇਰ ਬਗ਼ਾਵਤ ਕਰਦਾ ਹਾਂ ।

ਫਿਰ ਕਿਉਂ ਨਾ ਅੱਜ ਮਜ਼ਦੂਰ ਕਹੇ, ਜੋ ਧਰਤੀ ‘ਤੇ ਉਹ ਮੇਰਾ ਏ ।
ਜਿਸ ਨੂੰ ਤੂੰ ਆਪਣਾ ਦੇਸ਼ ਕਹੇਂ, ਉਹ ਤੇਰਾ ਨਹੀਂ ਉਹ ਮੇਰਾ ਏ ।

ਮਜ਼ਦੂਰ ਦੀ ਦੇਸ਼-ਸੇਵਾ - ਸੰਤ ਰਾਮ ਉਦਾਸੀ | Majdoor Di Desh Sewa - Sant Ram Udasi
  • Save

Leave a Comment

Copy link
Powered by Social Snap